ਸੰਗਤ
ਸੰਗਤ ਇੱਕ ਆਮ ਨਾਂਵ ਹੈ; ਇਸ ਪਦ ਦੇ ਅਰਥ ਹਨ: ਇਕੋ ਮਕਸਦ ਲਈ ਮਿਲ ਕੇ ਬੈਠੇ ਲੋਕਾਂ ਦਾ ਇਕੱਠ, ਸਭਾ, ਸਾਥ, ਮੇਲ, ਮਜਲਿਸ, ਸੁਹਬਤ, ਜਮਾਇਤ, ਕੰਪਨੀ (company), ਕੌਂਗਰਿਗੇਸ਼ਨ (congregation)…ਆਦਿ। ਸੰਗਤ ਨੇਕ ਤੇ ਭਲੇ ਮਾਨਸਾਂ ਦੀ ਵੀ ਹੋ ਸਕਦੀ ਹੈ ਤੇ ਬੁਰੇ, ਦੁਸ਼ਟ ਤੇ ਨੀਚ ਲੋਕਾਂ ਦੀ ਵੀ।
ਸੰਗਤ ਪਦ ਦੀ ਵਰਤੋਂ, ਆਮ ਤੌਰ `ਤੇ, ਧਰਮ ਦੇ ਪ੍ਰਸੰਗ ਵਿੱਚ ਹੀ ਕੀਤੀ ਜਾਂਦੀ ਹੈ। ਧਰਮ ਦੇ ਸੰਦਰਭ ਵਿੱਚ ਸੰਗਤ ਦੇ ਅਰਥ ਭਾਵ ਹਨ: ਇਸ਼ਟਦੇਵ ਦੀ ਪੂਜਾ-ਭਗਤੀ ਲਈ ਜੁੜ ਬੈਠੇ ਸ਼੍ਰੱਧਾਲੂਆਂ ਦਾ ਇਕੱਠ। ਗੁਰੂ (ਗ੍ਰੰਥ) ਦੇ ਸਿੱਖਾਂ ਦਾ ਇਸ਼ਟ ਅਦੁੱਤੀ ਅਕਾਲ ਪੁਰਖ (ੴ) ਹੈ। ਸੋ, ਗੁਰਮਤਿ ਅਨੁਸਾਰ, ਗੁਰਬਾਣੀ ਦੇ ਸਿੱਧਾਂਤਕ ਪਦ ਸੰਗਤ ਦੇ ਅਰਥ ਹਨ: ਗਿਆਨ-ਗੁਰੂ (ਗ੍ਰੰਥ) ਦੇ ਸਨਮੁਖ ਅਧਿਆਤਮਿਕ ਗਿਆਨ ਦੇ ਅਭਿਲਾਸ਼ੀ ਸ਼ਾਂਤ ਚਿੱਤ ਸਿੱਖਾਂ/ਸੇਵਕਾਂ ਦਾ ਉਹ ਇਕੱਠ ਜਿਸ ਵਿੱਚ ਕੇਵਲ ਤੇ ਕੇਵਲ ਸਤਿਨਾਮ ਸਿਰਜਨਹਾਰ ਦੇ ਦੈਵੀ ਗੁਣਾਂ ਦਾ ਚਿੰਤਨ/ਮਥਨ ਹੀ ਕੀਤਾ ਜਾਂਦਾ ਹੈ। ਗੁਰਬਾਣੀ ਵਿੱਚ ਅਨੇਕ ਤੁਕਾਂ ਹਨ ਜੋ ਸੰਗਤ ਦੀ ਉਕਤ ਪਰਿਭਾਸ਼ਾ ਨੂੰ ਦ੍ਰਿੜਾਉਂਦੀਆਂ ਹਨ ਜਿਵੇਂ:
ਸੰਤ ਸਭਾ ਗੁਣ ਗਿਆਨੁ ਬੀਚਾਰੁ॥ ਪ੍ਰਭਾਤੀ ਅ: ਮ: ੧ ਸਤਸੰਗਤਿ ਕੈਸੀ ਜਾਣੀਐ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ ਸਿਰੀ ਰਾਗੁ ਮ: ੧
ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿਨਾਮੁ ਬਿਲੋਈਐ॥ ਵਡਹੰਸ ਮ: ੪
(ਜਿਥੈ ਹਰਿ ਕਾ ਹਰਿਨਾਮ ਬਿਲੋਈਐ: ਜਿੱਥੇ ਗੁਣੀ ਨਿਧਾਨ ਪਰਮਾਤਮਾ ਦੇ ਦੈਵੀ ਗੁਣਾਂ ਦਾ ਮਥਨ ਹੀ ਕੀਤਾ ਜਾਂਦਾ ਹੈ। ਬਿਲੋਣਾ: ਰਿੜਕਣਾ, ਮਥਨ ਕਰਨਾ।)
ਸਤਸੰਗਤਿ ਸਾਈ ਹਰਿ ਤੇਰੀ ਜਿਤੁ ਹਰਿ ਕੀਰਤਿ ਹਰਿ ਸੁਨਣੇ॥ ਜਿਨ ਹਰਿ ਨਾਮੁ ਸੁਣਿਆ ਮਨੁ ਭੀਨਾ ਤਿਨ ਹਮ ਸ੍ਰੇਵਹ ਨਿਤ ਚਰਣੇ॥ ਭੈਰਉ ਮ: ੪
ਹਰਿ ਗੁਣ ਪੜੀਐ ਹਰਿ ਗੁਣ ਗੁਣੀਐ॥ ਹਰਿ ਹਰਿ ਨਾਮ ਕਥਾ ਨਿਤ ਸੁਣੀਐ॥
ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉਜਲੁ ਦੁਤਰੁ ਤਰੀਐ ਜੀਉ॥ ਮਾਝ ਮ: ੪
ਸਤਸੰਗਤਿ ਮਹਿ ਹਰਿ ਉਸਤਤਿ ਹੈ ਸੰਗਿ ਸਾਧੂ ਮਿਲੇ ਪਿਆਰਿਆ॥ ਗਉੜੀ ਮ: ੪
ਮਨੁੱਖਾ ਸਮਾਜ ਦੇ ਧਾਰਮਿਕ ਖੇਤ੍ਰ ਵਿੱਚ ਵੀ, ਸੰਗਤਸਿਰਜਨਹਾਰ ਦੇ ਸੱਚੇ ਸੇਵਕਾਂ ਜਾਂ ਨੇਕ ਤੇ ਭਲੇ ਪੁਰਖਾਂ ਦੀ ਵੀ ਹੋ ਸਕਦੀ ਹੈ ਅਤੇ ਸਾਕਤਾਂ ਜਾਂ ਬੁਰੇ ਲੋਕਾਂ ਦੀ ਵੀ! ਇਸ ਭੇਦ ਦੇ ਭਰਮ-ਭੁਲੇਖੇ ਤੋਂ ਸ਼੍ਰੱਧਾਲੂਆਂ ਨੂੰ ਸੁਚੇਤ ਕਰਨ ਵਾਸਤੇ ਗੁਰਬਾਣੀ ਵਿੱਚ ਪ੍ਰਭੂ ਦੇ ਸੱਚੇ ਭਗਤਾਂ ਤੇ ਭਲੇ ਪੁਰਖਾਂ ਦੀ ਸੰਗਤ ਨੂੰ ਊਤਮ ਸੰਗਤ ਜਾਂ ਸਚੀ ਸੰਗਤ ਵੀ ਕਿਹਾ ਗਿਆ ਹੈ: ਊਤਮ ਸੰਗਤਿ ਊਤਮੁ ਹੋਵੈ॥ ਗੁਣ ਕਉ ਧਾਵੈ ਅਵਗੁਣ ਧੋਵੈ॥ ਆਸਾ ਮ: ੧
ਸਚੀ ਸੰਗਤਿ ਬੈਸਣਾ ਸਚਿ ਨਾਮਿ ਮਨੁ ਧਰਿ॥ ਸਿਰੀ ਰਾਗੁ ਮ: ੩
ਸਚੀ ਸੰਗਤਿ ਸਚਿ ਮਿਲੈ ਸਚੈ ਨਾਇ ਪਿਆਰੁ॥ ਵਡਹੰਸ ਮ: ੪
ਗੁਰਬਾਣੀ ਵਿੱਚ ਸਚੀ ਸੰਗਤਿ ਦੇ ਕਈ ਸਮਾਨਾਰਥੀ ਸ਼ਬਦ-ਜੁਟਾਂ ਦੀ ਵਰਤੋਂ ਵੀ ਕੀਤੀ ਗਈ ਹੈ, ਜਿਵੇਂ:
ਸਿਖ ਸੰਗਤਿ:
ਸਿਖ ਸੰਗਤਿ ਕਰਮ ਮਿਲਾਇ॥ ਗੁਰ ਬਿਨੁ ਭੂਲੋ ਆਵੈ ਜਾਏ॥ …ਆਸਾ ਮ: ੧
ਸਿਖ ਸਭਾ: ਸਿਖ ਸਭਾ ਦੀਖਿਆ ਕਾ ਭਾਉ॥ ਗੁਰਮੁਖਿ ਸੁਣਨਾ ਸਾਚਾ ਨਾਉ॥ ਨਾਨਕ ਆਖਣੁ ਵੇਰਾ ਵੇਰ॥ ਇਤੁ ਰੰਗਿ ਨਾਚਹੁ ਰਖਿ ਰਖਿ ਪੈਰ॥ ਆਸਾ ਮ: ੧
(ਸਿੱਖ: ਸ਼ਿਸ਼, ਆਤਮ-ਗਿਆਨ ਦਾ ਸਿੱਖਿਆਰਥੀ)।
ਸਤ ਸੰਗਤ:
ਸਤ ਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਮ ਮਖੀਰਾ॥ ਆਸਾ ਰਵਿਦਾਸ ਜੀ
ਸਤਸੰਗਤ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ॥ ਸਿਰੀ ਰਾਗੁ ਮ: ੧
(ਸਤ: ਪ੍ਰਭੂ-ਪਰਮਾਤਮਾ)।
ਸੰਤਸੰਗ:
ਸੰਤ ਸੰਗਿ ਅੰਤਰਿ ਪ੍ਰਭੁ ਡੀਠਾ॥ ਨਾਮੁ ਪ੍ਰਭੂ ਕਾ ਲਾਗਾ ਮੀਠਾ॥ ਮ: ੫
ਸੰਤਸੰਗ ਜਿਹ ਰਿਦ ਬਸਿਓ ਨਾਨਕ ਤੇ ਨ ਭ੍ਰਮੇ॥ ਗਉੜੀ ਮ: ੫
ਸੰਤ ਸਭਾ: ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ॥ ਮ: ੫ ਸੰਤ ਮੰਡਲ/ਮੰਡਲੀ: …ਸੰਤ ਮੰਡਲ ਮਹਿ ਨਿਰਮਲ ਕਥਾ॥ ਭੈਰਉ ਮ: ੫……
(ਸੰਤ: ਸ਼ਾਂਤ ਚਿੱਤ, ਸੰਜਮੀ, ਇੰਦ੍ਰੀਆਤਮਕ ਸੰਜਮ ਵਾਲਾ ਮਨੁੱਖ, ਜਿਸ ਨੇ ਮਨ ਉੱਤੇ ਕਾਬੂ ਪਾਇਆ ਹੋਇਆ ਹੈ)। ਸਾਧ ਸੰਗ: ਕਰਿ ਕਿਰਪਾ ਪ੍ਰਭਿ ਸਾਧਸੰਗ ਮੇਲੀ ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ॥ ਫ਼ਰੀਦ ਜੀ ਸਾਧ ਸਮਾਗਮ:
ਹਰਿ ਜਨ ਰਾਮ ਰਾਮ ਰਾਮ ਧਿਆਂਏ॥ ਏਕ ਪਲਕ ਸੁਖ ਸਾਧ ਸਮਾਗਮ ਕੋਟਿ ਬੈਕੁੰਠਹ ਪਾਂਏ॥ ਸਾਰਗ ਮ: ੫
ਸਾਧੂ ਸੰਗਮ:
ਪਾਰਬ੍ਰਹਮ ਗੁਣ ਅਗਮ ਬੀਚਾਰ॥ ਸਾਧੂ ਸੰਗਮਿ ਹੈ ਨਿਸਤਾਰ॥ ਗਉੜੀ ਮ: ੫
ਸਾਧ ਸੰਗਾਨੀ:
ਨੀਕੀ ਸਾਧ ਸੰਗਾਨੀ॥ … ਆਸਾ ਮ: ੫ (ਨੀਕੀ: ਸ੍ਰੇਸ਼ਟ, ਭਲੀ, ਚੰਗੀ, ਉੱਤਮ। ਸਾਧ: ਉੱਤਮ ਮਨੁੱਖ ਜਿਸ ਦਾ ਮਨ ਅਤੇ ਇੰਦ੍ਰੀਆਂ ਉੱਤੇ ਨਿਯੰਤਰਣ/ਕਾਬੂ ਹੈ)।
ਸਰੋਵਰ:
ਰਾਮ ਦਾਸ ਸਰੋਵਰਿ ਨਾਤੇ॥ ਸਭਿ ਉਤਰੇ ਪਾਪ ਕਮਾਤੇ॥
ਨਿਰਮਲ ਹੋਏ ਕਰਿ ਇਸਨਾਨਾ॥ ਗੁਰਿ ਪੂਰੇ ਕੀਨੇ ਦਾਨਾ॥ …
ਸਾਧਸੰਗਿ ਮਲੁ ਲਾਥੀ॥ ਪਾਰਬ੍ਰਹਮੁ ਭਇਓ ਸਾਥੀ॥ ਸੋਰਠਿ ਮ: ੫
{ਰਾਮ ਦਾਸ ਸਰੋਵਰ: ਪ੍ਰਭੂ ਦੇ ਭਗਤਾਂ (ਰਾਮ ਦੇ ਦਾਸਾਂ) ਦਾ ਇਕੱਠ (ਸਰੋਵਰ) ਜਿਸ ਵਿੱਚ ਨਾਮ-ਜਲ ਨਾਲ ਇਸਨਾਨ ਕਰਨ ਨਾਲ ਮਨ/ਆਤਮਾ ਉੱਤੋਂ ਪਾਪਾਂ ਦੀ ਮੈਲ ਲੱਥ ਜਾਂਦੀ ਹੈ।}
ਭਗਵਤ ਭੀਰਿ:
ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ॥ ਭੈਰਉ ਕਬੀਰ ਜੀਉ
(ਭਗਵਤ: ਪ੍ਰਭੂ, ਭਗਵਾਨ। ਭੀਰਿ: ਇਕੱਠ, ਸੰਗਤ। ਭਗਵਤ ਭੀਰਿ: ਸਤ ਸੰਗਤ।) ਚਟਸਾਲ:
ਸਤ ਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ॥ ਕਾਨੜਾ ਮ: ੪
{ਚਟਸਾਲ: ਉਹ ਸਥਾਨ ਜਿੱਥੇ ਸਿੱਖਿਆਰਥੀਆਂ ਨੂੰ ਆਤਮ-ਗਿਆਨ ਦੀ ਸਿੱਖਿਆ ਦਿੱਤੀ ਜਾਂਦੀ ਹੈ। (ਚਟ: ਚੇਲਾ-ਚਾਟੜਾ, ਸ਼ਿਸ਼/ਸਿੱਖ, ਸਿੱਖਿਆਰਥੀ।)}
ਧਰਮਸਾਲ:
ਮੈ ਬਧੀ ਸਚੁ ਧਰਮਸਾਲ ਹੈ॥ ਗੁਰਸਿਖ ਲਹਦਾ ਭਾਲਿ ਕੈ॥ …ਸ੍ਰੀ ਰਾਗੁ ਮ: ੫
ਆਮ ਜੀਵਨ ਦੀ ਬੋਲੀ ਵਿੱਚ ਸੱਚੀ ਸੰਗਤ ਨੂੰ ਹਰਿਜਨਾਂ ਦੀ ਸੰਗਤ, ਸਤਿਪੁਰਖਾਂ ਦਾ ਸਾਥ, ਬੋਧ ਸਤਸੰਗ ਤੇ ਸ੍ਰੇਸ਼ਟ ਸੰਗਤ ਆਦਿ ਕਈ ਸ਼ਬਦ-ਜੁਟਾਂ ਨਾਲ ਵੀ ਜਾਣਿਆਂ ਜਾਂਦਾ ਹੈ।
ਜਿਵੇਂਕਿ ਪਹਿਲਾਂ ਦੱਸਿਆ ਜਾ ਚੁਕਿਆ ਹੈ, ਧਾਰਮਿਕ ਖੇਤ੍ਰ ਵਿੱਚ ਵੀ ਸੰਗਤ ਸਾਕਤਾਂ ਜਾਂ ਬੁਰੇ, ਝੂਠੇ, ਮੱਕਾਰ ਤੇ ਦੰਭੀ ਲੋਕਾਂ ਦੀ ਵੀ ਹੋ ਸਕਦੀ ਹੈ। ਗੁਰਬਾਣੀ ਵਿੱਚ ਸਾਕਤਾਂ ਜਾਂ ਖੋਟੇ/ਬੁਰੇ/ਨੀਚ/ਦੁਸ਼ਟ/ਮੱਕਾਰ ਮਨੁੱਖਾਂ ਦੀ ਸੰਗਤ ਨੂੰ ਸਾਕਤ ਸੰਗ, ਦੁਸਟ ਸਭਾ, ਦੁਸਟੀ ਸਭਾ, ਦੁਸਟ ਚਉਕੜੀ ਆਦਿ ਦੀ ਸੰਗਿਆ ਨਾਲ ਜਾਣਿਆ ਗਿਆ ਹੈ:
ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ॥
ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ॥ ਕਬੀਰ ਜੀ
ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ॥ ਗਿਰਿ ਤਰ ਜਲ ਜੁਆਲਾ ਭੈ ਰਾਖਿਓ ਰਾਜਾ ਰਾਮਿ ਮਾਇਆ ਫੇਰੀ॥ ਭੈਰਉ ਨਾਮ ਦੇਵ ਜੀ
ਦੁਸਟੀ ਸਭਾ ਵਿਗੁਚੀਐ ਬਿਖੁ ਵਾਤੀ ਜੀਵਣ ਬਾਦਿ॥ ਪ੍ਰਭਾਤੀ ਮ: ੧
ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨ ਬੂਝਹਿ ਵੀਚਾਰੇ॥ ਸੋਰਠਿ ਮ: ੩
…ਦੁਸਟ ਸਭਾ ਮਹਿ ਮੰਤ੍ਰ ਪਕਾਇਆ॥ ਭੈਰਉ ਮ: ੩
ਆਮ ਬੋਲ-ਚਾਲ ਦੀ ਬੋਲੀ ਵਿੱਚ ਨੀਚ ਦੁਰਜਨਾਂ ਦੀ ਸੰਗਤ ਨੂੰ ਕੁਸੰਗਤ, ਝੂਠੀ ਸੰਗਤ, ਦੁਸ਼ਟ-ਮੰਡਲੀ, ਚੰਡਾਲ-ਚੌਕੜੀ, (congregation of the wicked or company of ruffians), ਮਾਫ਼ੀਆ (mafia: ਗੁਪਤ ਗੁੰਡਾ-ਗਰੁਪ) ……ਆਦਿ ਕਿਹਾ ਜਾਂਦਾ ਹੈ।
(ruffian: ਅਧਰਮੀ, ਗੁੰਡਾ, ਬਦਮਾਸ਼, ਖ਼ੂਨ-ਖ਼ਰਾਬਾ ਕਰਨ ਵਾਲਾ…ਆਦਿ।)
ਮਨੁੱਖ ਦਾ ਜੀਵਨ-ਮਨੋਰਥ ਹੈ: ਜੀਵਨ-ਮੁਕਤ ਹੋਣਾ। ਜੀਵਨ-ਮੁਕਤ ਹੋਣ ਵਾਸਤੇ ਪ੍ਰਭੂ ਦਾ ਨਾਮ ਸਿਮਰਨ ਦੀ ਲੋੜ ਹੈ। ਨਾਮ ਦੀ ਲਗਨ ਵਾਸਤੇ ਪਹਿਲਾਂ ਪ੍ਰਭੂ ਪ੍ਰਤਿ ਸ਼੍ਰੱਧਾ/ਵਿਸ਼ਵਾਸ/ਯਕੀਨ ਹੋਣਾ ਲਾਜ਼ਮੀ ਹੈ। ਸਤਿਸੰਗਤ ਵਿੱਚ ਇਕਾਗਰ ਚਿੱਤ ਬੈਠ ਕੇ ਨਾਮ-ਚਰਚਾ ਕਰਨ/ਸੁਣਨ ਨਾਲ ਮਨੁੱਖ ਦੀ ਰੁਚੀ ਸੰਸਾਰਕ ਝਮੇਲਿਆਂ ਵੱਲੋਂ ਹਟ ਕੇ ਗੁਣੀ ਨਿਧਾਨ ਰੱਬ ਨਾਲ ਜੁੜਦੀ ਹੈ ਅਤੇ ਸਤਿਸੰਗੀ ਦੀ ਪ੍ਰਭੂ ਪ੍ਰਤਿ ਪ੍ਰੀਤ/ ਸ਼੍ਰੱਧਾ/ਵਿਸ਼ਵਾਸ/ਯਕੀਨ ਵਿੱਚ ਦ੍ਰਿੜਤਾ ਆਉਂਦੀ ਹੈ। ਗੁਰੁ-ਹੁਕਮ ਹੈ:
ਸਾਧ ਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ॥ …ਧਨਾਰਸੀ ਰਵਿਦਾਸ ਜੀ
(ਭਾਉ: ਸ਼੍ਰੱਧਾ, ਯਕੀਨ, ਭਰੋਸਾ, ਵਿਸ਼ਵਾਸ।)
ਸਾਧ ਸੰਗਤਿ ਉਪਜੈ ਬਿਸਾਸ॥ ਬਾਹਰਿ ਭੀਤਰਿ ਸਦਾ ਪ੍ਰਗਾਸ॥ ਗਉੜੀ ਕਬੀਰ ਜੀ
(ਬਿਸਾਸ: ਸ਼੍ਰੱਧਾ, ਵਿਸ਼ਵਾਸ।)
ਗੁਰਮਤਿ ਅਨੁਸਾਰ, ਤ੍ਰੈਗੁਣੀ ਮਾਇਆ ਦਾ ਘਾਤਿਕ ਪ੍ਰਭਾਵ ਸਾਰੇ ਮਨੁੱਖਾਂ ਉੱਤੇ ਭਾਰੂ ਹੈ। ਦੁਰਲੱਭ ਮਾਨਸ ਜਨਮ ਦਾ ਇਹੀ ਮਕਸਦ ਹੈ ਕਿ ਮਨੁੱਖ ਮੋਹਨੀ ਮਾਇਆ ਦੇ ਭਿਅੰਕਰ ਪ੍ਰਭਾਵ ਤੋਂ ਮੁਕਤ ਹੋ ਕੇ ਤੁਰੀਆਵਸਥਾ ਪ੍ਰਾਪਤ ਕਰੇ। ਮਾਇਆ ਦੇ ਮਾਰੂ ਪ੍ਰਭਾਵ ਤੋਂ ਮੁਕਤੀ ਤੇ ਪਰਮ ਪਦ ਦੀ ਪ੍ਰਾਪਤੀ ਸੱਚੀ ਸੰਗਤ ਵਿੱਚ ਬੈਠ ਕੇ ਨਾਮ ਸਿਮਰਨ ਕਰਨ ਨਾਲ ਹੀ ਹੋ ਸਕਦੀ ਹੈ। ਗੁਰੁ-ਫ਼ਰਮਾਨ ਹੈ:
ਤ੍ਰੈਗੁਣ ਮਾਇਆ ਮੋਹੁ ਪਸਾਰਾ ਸਭ ਵਰਤੈ ਆਕਾਰੀ॥
ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ॥ ਸੋਰਠਿ ਮ: ੩
(ਤ੍ਰੈਗੁਣ ਮਾਇਆ: ਮਾਇਆ ਦੇ ਤਿੰਨ ਗੁਣ: ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ। ਤੁਰੀਆ ਗੁਣ: ਤੁਰੀਆਵਸਥਾ, ਆਤਮਾ ਦੀ ਮਾਇਆ ਦੇ ਤ੍ਰੈਗੁਣਾਂ ਤੋਂ ਉਚੇਰੀ ਨਿਰਲੇਪਤਾ ਵਾਲੀ ਅਵਸਥਾ, ਪਰਮ ਪਦ, ਸਚ ਖੰਡ।)
ਨਿਰਮਲ ਮਨ ਨਾਲ ਨਾਮ-ਸਿਮਰਨ ਕਰਕੇ ਆਤਮਿਕ ਉੱਨਤੀ ਦੇ ਰਾਹ ਚੱਲਣਾ ਹੀ ਮਨੁੱਖ ਦੇ ਜੀਵਨ ਦਾ ਮੂਲ ਮਨੋਰਥ ਹੈ। ਮਨ ਦੀ ਨਿਰਮਲਤਾ ਤੇ ਆਤਮਿਕ ਉੱਚਤਾ ਲਈ ਯੋਗ ਅਗਵਾਈ, ਪ੍ਰੇਰਣਾ ਅਤੇ ਪਵਿਤ੍ਰ, ਸ਼ਾਂਤਮਈ, ਸੁਖਾਵੇਂ ਤੇ ਅਨੁਕੂਲ ਵਾਤਾਵਰਣ ਦੀ ਲੋੜ ਹੈ। ਲੋੜੀਂਦੀ ਅਗਵਾਈ, ਪ੍ਰੇਰਣਾ ਤੇ ਸੁਖਾਵਾਂ ਵਾਤਾਵਰਣ ਸਾਨੂੰ ਸੱਚੀ ਸੰਗਤ ਵਿੱਚ ਹੀ ਮਿਲ ਸਕਦਾ ਹੈ। ਇਸ ਵਾਸਤੇ ਮਨੁੱਖ ਲਈ ਸੱਚੀ ਸੰਗਤ ਵਿੱਚ ਬੈਠਣਾ ਬਹੁਤ ਜ਼ਰੂਰੀ ਹੈ:-
ਖੋਜਤ ਖੋਜਤ ਸੁਨੀ ਇਹ ਸੋਇ॥ ਸਾਧ ਸੰਗਤਿ ਬਿਨੁ ਤਰਿਓ ਨ ਕੋਇ॥ ਆਸਾ ਮ: ੫
ਸੰਤ ਚੀ ਸੰਗਤਿ ਸੰਤ ਕਥਾ ਰਸੁ॥ ਸੰਤ ਪ੍ਰੇਮੁ ਮਾਝੈ ਦੀਜੈ ਦੇਵਾ ਦੇਵ॥ ਰਾਗੁ ਆਸਾ ਰਵਿਦਾਸ ਜੀ
ਜਿਨ ਹਰਿਜਨ ਸਤਿਗੁਰ ਸੰਗਿਤ ਪਾਈ ਤਿਨੑ ਧੁਰਿ ਮਸਤਕਿ ਲਿਖਿਆ ਲਿਖਾਸਿ॥
ਧੰਨੁ ਧੰਨੁ ਸਤਿਸੰਗਤਿ ਜਿਤੁ ਹਰਿਰਸੁ ਪਾਇਆ ਮਿਲਿ ਨਾਨਕ ਨਾਮੁ ਪਰਗਾਸਿ॥ ਰਾਗੁ ਗੂਜਰੀ ਮ: ੪ ਅਠਸਠਿ ਤੀਰਥ ਮਜਨੁ ਕੀਆ ਸਤ ਸੰਗਤਿ ਪਗ ਨਾਏ ਧੂਰਿ॥ … ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀ ਮਾਗਉ ਸਤ ਸੰਗਤਿ ਪਗ ਧੂਰਿ॥ ਸਾਰਗ ਮ: ੫
ਜਿਹੜੇ ਮਨਮੁੱਖ ਸੱਚੀ ਸੰਗਤ ਵਿੱਚ ਨਹੀਂ ਜਾਂਦੇ ਉਨ੍ਹਾਂ ਦਾ ਜੀਵਨ ਧਿੱਕਾਰਯੋਗ ਹੈ:-
ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ॥ ਗੂਜਰੀ ਮ: ੪
ਮਨ ਮਨੁੱਖੀ ਹੋਂਦ ਦਾ ਸੂਖਮ, ਜੀਵਨਮਈ (vital), ਮਹੱਤਵਪੂਰਨ ਪਰੰਤੂ ਚੰਚਲ ਅੰਗ ਹੈ। ਚੰਚਲ ਮਨ ਮਾਇਆ ਦੇ ਪ੍ਰਭਾਵ ਹੇਠ ਵਿਕਾਰ-ਗ੍ਰਸਤ ਹੋ ਕੇ ਕੁਰਾਹੇ ਪੈ ਜਾਂਦਾ ਹੈ। ਸੱਚੀ ਸੰਗਤ ਵਿੱਚ ਬੈਠ ਕੇ ਪ੍ਰਭੂ ਦੇ ਗੁਣਾਂ ਦਾ ਚਿੰਤਨ/ਸਿਮਰਨ ਕਰਨ ਨਾਲ ਵਿਕਾਰ-ਗ੍ਰਸਤ ਰੋਗੀ ਮਨ ਨਿਰੋਗ ਹੋ ਜਾਂਦਾ ਹੈ, ਉਸ ਉੱਤੋਂ ਵਿਕਾਰਾਂ ਦੀ ਮੈਲ ਉਤਰ ਜਾਂਦੀ ਹੈ ਅਤੇ ਉਸ ਨੂੰ ਆਤਮਿਕ ਸ਼ੁੱਧਤਾ ਤੇ ਸ਼ਕਤੀ ਮਿਲਦੀ ਹੈ। ਗੁਰੁ-ਫ਼ਰਮਾਨ ਹਨ:
ਗੁਰ ਸੰਤ ਸਭਾ ਦੁਖੁ ਮਿਟੈ ਰੋਗੁ॥ ਜਨ ਨਾਨਕ ਹਰਿ ਵਰੁ ਸਹਜ ਜੋਗੁ॥ ਬਸੰਤ ਮ: ੧
ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ॥
ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪ॥ ਸਿਰੀ ਰਾਗੁ ਮ: ੧
ਵਡਭਾਗੀ ਹਰਿ ਸੰਗਤਿ ਪਾਵਹਿ॥ ਭਾਗਹੀਨ ਭਰਮਿ ਚੋਟਾ ਖਾਵਹਿ॥
ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ॥ ਮਾਝ ਮ: ੪
ਚਾਰੇ ਜੁਗ ਮੈ ਸੋਧਿਆ ਵਿਣੁ ਸੰਗਤਿ ਅਹੰਕਾਰੁ ਨ ਭਗੈ॥
ਹਉਮੈ ਮੂਲਿ ਨ ਛੁਟਈ ਵਿਣੁ ਸਾਧੂ ਸਤਸੰਗੈ॥ …ਮਾਰੂ ਮ: ੫
ਸਤਿਪੁਰਖਾਂ ਦੀ ਸੁਹਬਤ ਕਰਨ ਨਾਲ ਮਾਇਆ-ਮੋਹ ਕਾਰਣ ਭਟਕੇ ਹੋਏ ਮਨੁੱਖ ਨੂੰ ਮਾਨਸਿਕ ਸੰਤੁਲਨ ਮਿਲਦਾ ਹੈ ਅਤੇ ਆਤਮਾ ਸ਼ੁੱਧ ਤੇ ਸਬਲ ਹੁੰਦੀ ਹੈ। ਸਤਪੁਰਖਾਂ ਦਾ ਸੱਚਾ/ਸ੍ਰੇਸ਼ਟ/ਉੱਤਮ ਸਾਥ ਮਨ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਈਰਖਾ-ਨਿੰਦਾ, ਵੈਰ-ਵਿਰੋਧ, ਦਵੈਸ਼ ਤੇ ਨਫ਼ਰਤ ਆਦਿ ਦੀਆਂ ਅਮਾਨਵੀ, ਅਨੈਤਿਕ ਤੇ ਵਿਕਾਰੀ ਰੁਚੀਆਂ ਤੋਂ ਮੁਕਤ ਕਰਾਉਂਦਾ ਹੈ। ਕੁਰੁਚੀਆਂ ਤੋਂ ਮੁਕਤ ਹੋਏ ਮਨ ਦਾ ਝੁਕਾਓ ਸਦਗੁਣਾਂ (ਸਤ, ਸੰਤੋਖ, ਦਯਾ, ਧਰਮ, ਧੀਰਜ ਤੇ ਨਮਰਤਾ ਹਲੀਮੀ ਆਦਿ) ਨੂੰ ਗ੍ਰਹਿਣ ਕਰਨ ਵੱਲ ਹੁੰਦਾ ਹੈ। ਇਉਂ ਮਾਨਵ-ਹਿਤਾਂ ਲਈ ਯਤਨਸ਼ੀਲ ਮਨ ਸਹਜ, ਸੰਤੋਖ ਤੇ ਸ਼ਾਂਤੀ ਵਾਲੀ ਅਵਸਥਾ ਵੱਲ ਪ੍ਰੇਰਿਆ ਜਾਂਦਾ ਹੈ ਅਤੇ ਸਦਗੁਣਾਂ ਸਦਕਾ ਮਨ ਵਿੱਚ ਪਵਿੱਤਰ ਰੁਚੀਆਂ ਪ੍ਰਵੇਸ਼ ਕਰਦੀਆਂ ਹਨ। ਮਨੁੱਖ ਸਵੈਕੇਂਦ੍ਰਿਤ ਜਾਂ ਸਵਾਰਥੀ ਨਹੀਂ ਰਹਿੰਦਾ, ਉਸ ਦੇ ਮਨ ਵਿੱਚ ਸਾਰੀ ਮਨੁੱਖਤਾ ਲਈ ਪ੍ਰੇਮ, ਭਰਾਤ੍ਰੀਭਾਵ, ਸਾਂਝੀਵਾਲਤਾ ਤੇ ਪਰਮਾਰਥ ਦੀ ਭਾਵਨਾ ਉਜਾਗਰ ਹੁੰਦੀ ਹੈ।
ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧਸੰਗਤਿ ਮੋਹਿ ਪਾਈ॥
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ ੧॥ ਕਾਨੜਾ ਮ: ੫ ਰੋਗ ਸੋਗ ਦੂਖ ਤਿਸੁ ਨਾਹੀ॥ ਸਾਧਸੰਗਿ ਹਰਿ ਕੀਰਤਨੁ ਗਾਹੀ॥ ਮਾਰੂ ਮ: ੫
ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ॥ ਸਿਰੀ ਰਾਗੁ ਮ: ੧
ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ॥ ਰਾਗੁ ਗੂਜਰੀ ਮ: ੪
ਰੋਗ ਸੋਗ ਦੂਖ ਤਿਸੁ ਨਾਹੀ॥ ਸਾਧਸੰਗਿ ਹਰਿ ਕੀਰਤਨੁ ਗਾਹੀ॥ ਮਾਰੂ ਮ: ੫
ਕੋਟਿ ਕਰਮ ਕਰਿ ਦੇਹ ਨ ਸੋਧਾ॥ ਸਾਧ ਸੰਗਤਿ ਮਹਿ ਮਨੁ ਪਰਬੋਧਾ॥ ਕਾਨੜਾ ਮ: ੫
ਮੇਰੇ ਮਾਧਉ ਜੀ ਸਤਿਸੰਗਤਿ ਮਿਲੇ ਸੁ ਤਰਿਆ॥ ਗੂਜਰੀ ਮ: ੫
ਈਸ਼ਵਰ ਪ੍ਰਤਿ ਸੱਚੀ ਸ਼੍ਰੱਧਾ ਤੇ ਆਤਮ-ਗਿਆਨ ਦਾ ਆਧਾਰ ਬਿਬੇਕ ਹੈ; ਅਤੇ ਬਿਬੇਕ ਬੁੱਧ ਸਤ ਸੰਗਤ ਵਿੱਚੋਂ ਹੀ ਮਿਲਦੀ ਹੈ।
ਸਤਿ ਸੰਗਤਿ ਮਿਲਿ ਬਿਬੇਕ ਬੁਧਿ ਹੋਈ॥ ਪਾਰਸੁ ਪਰਸਿ ਲੋਹਾ ਕੰਚਨੁ ਸੋਈ॥ ਆਸਾ ਕਬੀਰ ਜੀ
ਸਾਧ ਸੰਗਤਿ ਮਿਲਿ ਬੁਧਿ ਬਿਬੇਕ॥ ਆਸਾ ਮ: ੫
ਹਜ਼ਾਰਾਂ ਸਾਲ ਤੋਂ ਪੁਜਾਰੀ ਮਨੁੱਖਤਾ ਨੂੰ ਮਿਥਿਆ ਸਵਰਗ ਦੇ ਲਾਰੇ ਲਾ ਕੇ ਲੁੱਟੀ ਜਾ ਰਹੇ ਸਨ। ਬਾਣੀਕਾਰਾਂ ਨੇ ਕਾਲਪਨਿਕ ਸਵਰਗ ਦੇ ਥੋਥੇ ਖ਼ਿਆਲ ਨੂੰ ਰੱਦ ਕਰਦਿਆਂ ਸਵਰਗ ਪਿੱਛੇ ਭਟਕਦੀ ਮਨੁੱਖਤਾ ਨੂੰ ਇਹ ਦ੍ਰਿੜਾਉਣ ਦਾ ਯਤਨ ਕੀਤਾ ਕਿ ਮਨੁੱਖ ਦਾ ਕਰਤੱਵ ਕਾਲਪਨਿਕ ਸਵਰਗ ਦੀ ਭਾਲ ਨਹੀਂ ਸਗੋਂ ਪ੍ਰਭੂ ਨਾਲ ਪੁਨਰ ਮਿਲਨ ਹੈ। ਇਹ ਦੁਰਲੱਭ ਪੁਨਰ ਮਿਲਨ ਸਤਸੰਗਤ ਵਿੱਚ ਬੈਠ ਕੇ ਨਾਮ-ਸਿਮਰਨ ਨਾਲ ਹੀ ਹੋ ਸਕਦਾ ਹੈ। ਅਤੇ ਜਦ ਤੀਕ ਮਨੁੱਖ ਖ਼ਿਆਲੀ ਸਵਰਗ ਦੀ ਉਮੀਦ ਕਰਦਾ ਰਹੇ ਗਾ ਤਦ ਤਕ ਪ੍ਰਭੂ ਨਾਲ ਉਸ ਦਾ ਮੇਲ ਨਹੀਂ ਹੋ ਸਕਦਾ:- ਜਬ ਲਗੁ ਮਨਿ ਬੈਕੁੰਠ ਕੀ ਆਸ॥ ਤਬ ਲਗੁ ਹੋਇ ਨਹੀ ਚਰਨ ਨਿਵਾਸੁ॥
ਕਹੁ ਕਬੀਰ ਇਹ ਕਹੀਐ ਕਾਹਿ॥ ਸਾਧਸੰਗਤਿ ਬੈਕੁੰਠੇ ਆਹਿ॥ ਗਉੜੀ ਕਬੀਰ ਜੀ
ਕਹਿ ਕਬੀਰ ਅਬ ਕਹੀਐ ਕਾਹਿ॥ ਸਾਧ ਸੰਗਤਿ ਬੈਕੁਠੈ ਆਹਿ॥ ਭੈਰਉ ਕਬੀਰ ਜੀ
ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ॥ ਮਾਝ ਮ: ੪
…ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ॥ ਸੂਹੀ ਮ: ੫
(ਬੈਕੁੰਠੁ: ਰੱਬ ਦੇ ਰਹਿਣ ਦਾ ਸਥਾਨ, ਸਵਰਗ, ਬਹਿਸ਼ਤ, ਫ਼ਰਦੌਸ, ਉਹ ਸਥਾਨ ਜਿੱਥੇ ਆਤਮ-ਆਨੰਦ ਮਿਲਦਾ ਹੋਵੇ)।
ਉੱਤਮ ਸੰਗਤ ਦੀ ਮਹਿਮਾ ਤੇ ਸੱਚੀ ਸੰਗਤ ਵਿੱਚ ਮਿਲ ਬੈਠਕੇ ਕੁਦਰਤ ਦੇ ਕਾਦਿਰ ਦੇ ਦੈਵੀ ਗੁਣਾਂ ਦੀ ਵਿਚਾਰ ਕਰਨ ਦੇ ਕੀਮੀਆਈ ਅਸਰਾਂ ਨੂੰ ਮੁਖ ਰਖਦਿਆਂ ਗੁਰਬਾਣੀ ਵਿੱਚ ਸੰਗਤ ਦੀ ਤੁਲਨਾ ਪਾਰਸ ਅਤੇ ਚੰਦਨ ਨਾਲ ਕੀਤੀ ਗਈ ਹੈ। ਜਿਵੇਂ ਪਾਰਸ ਦੀ ਛੁਹ ਨਾਲ ਨਿਗੁਣੀਆਂ ਕੱਚੀਆਂ ਧਾਤਾਂ ਵੱਡਮੁੱਲੀਆਂ ਬਣ ਜਾਂਦੀਆਂ ਹਨ ਤੇ ਸੜਿਆ-ਗਲਿਆ ਜੰਗਾਲਿਆ ਲੋਹਾ ਸੋਨੇ ਜਿਹਾ ਕੀਮਤੀ ਬਣ ਜਾਂਦਾ ਹੈ; ਅਤੇ ਚੰਦਨ ਦੇ ਨੇੜੇ ਉੱਗੇ ਨਿਗੁਣੇ ਝਾੜ-ਬੂਟੇ ਵੀ ਚੰਦਨ ਦੀ ਤਰ੍ਹਾਂ ਸੁਗੰਧਿਤ ਹੋ ਜਾਂਦੇ ਹਨ, ਉਸੇ ਤਰ੍ਹਾਂ ਸਤਸੰਗਤ ਕਰਨ ਨਾਲ ਵਿਕਾਰਾਂ ਤੋਂ ਮੁਕਤੀ ਮਿਲਦੀ ਹੈ ਤੇ ਪਤਿਤ ਮਨ ਪਵਿੱਤਰ ਹੋ ਜਾਂਦੇ ਹਨ। ਇਸ ਫ਼ਲਸਫ਼ਾਨਾਂ ਭੇਦ ਨੂੰ ਪ੍ਰਗਟ ਕਰਦੀਆਂ ਗੁਰਬਾਣੀ ਦੀਆਂ ਕੁੱਝ ਤੁਕਾਂ:-
ਪਾਰਸੁ ਭੇਟਿ ਕੰਚਨੁ ਧਾਤੁ ਹੋਈ ਸਤਸੰਗਤਿ ਕੀ ਵਡਿਆਈ॥ ਗੂਜਰੀ ਅ: ਮ: ੧
ਸਤਿ ਸੰਗਤਿ ਮਿਲਿ ਬਿਬੇਕ ਬੁਧਿ ਹੋਈ॥ ਪਾਰਸੁ ਪਰਸਿ ਲੋਹਾ ਕੰਚਨੁ ਸੋਈ॥ ਆਸਾ ਕਬੀਰ ਜੀ
ਜਿਉ ਛੁਹਿ ਪਾਰਸ ਮਨੂਰ ਭਏ ਕੰਚਨ ਤਿਉ ਪਤਿਤ ਜਨ ਮਿਲਿ ਸੰਗਤੀ ਸੁਧ ਹੋਵਤ ਗੁਰਮਤੀ ਸੁਧਾਰਦੇ॥ ਕਾਨੜਾ ਮ: ੪
(ਮਨੂਰ: ਲੋਹੇ ਦਾ ਖੋਟ, ਜੰਗਾਲ)।
ਹਰਿ ਗੁਨ ਊਚ ਨੀਚ ਹਮ ਗਾਏ ਗੁਰ ਸਤਿਗੁਰ ਸੰਗਿ ਸਖੇ॥
ਜਿਉ ਚੰਦਨ ਸੰਗਿ ਬਸੈ ਨਿੰਮੁ ਬਿਰਖਾ ਗੁਨ ਚੰਦਨ ਕੇ ਬਸਖੇ॥ ਨਟ ਨਾਰਾਇਨ ਮ: ੪
{ਸਖੇ: ਸਾਥੀ ਸਤਸੰਗੀ। ਬਸਖੇ: ਪ੍ਰਵੇਸ਼ ਕਰ ਗਏ, ਗ੍ਰਹਿਣ ਹੋ ਗਏ, (ਹਿਰਦੇ ਵਿੱਚ) ਵੱਸ ਗਏ।}
ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ॥ ਗੌਂਡ ਮ: ੪
(ਹਿਰਡੁ: ਅਰਿੰਡ, ਹਿੰਡੋਲਾ। ਬਪੁੜਾ: ਬੇਚਾਰਾ।)
ਪਾਠਕ ਸੱਜਨੋਂ! ਇਹ ਬੜਾ ਦੁਖਦਾਇਕ ਸੱਚ ਹੈ ਕਿ ਅੱਜ ਦੇਸ-ਬਿਦੇਸ ਦੇ ਲਗ ਪਗ ਸਾਰੇ ਗੁਰੂਦਵਾਰਿਆਂ ਦੀ ਸੰਗਤ ਵਿੱਚ ਉਪਰ ਵਿਚਾਰੀ ਗਈ ਸੱਚੀ ਸੰਗਤ ਵਾਲੇ ਗੁਣ ਨਜ਼ਰ ਨਹੀਂ ਆਉਂਦੇ! ਅੱਜ ਦੇ ਗੁਰੂਦਵਾਰਿਆਂ ਦੀਆਂ ਸੰਗਤਾਂ ਵਿੱਚ, ਨਾਮ-ਅੰਮ੍ਰਿਤ ਬਿਲੋਣ ਦੀ ਬਜਾਏ, ਖਾਰਾ ਪਾਣੀ (ਦਿਖਾਵੇ ਦੇ ਲੋਕਾਚਾਰੀ ਖਲਜਗਣ ਤੇ ਕਰਮਕਾਂਡ ਵਗੈਰਾ) ਰਿੜਕਿਆ ਜਾਂਦਾ ਹੈ! ਅਬੋਧ ਸਿੱਖਾਂ-ਸੇਵਕਾਂ ਦੇ ਮਨਾਂ ਵਿੱਚ ਪ੍ਰਭੂ ਪ੍ਰਤਿ ਵਿਸ਼ਵਾਸ ਦੀ ਬਜਾਏ ਕਪਟੀ ਕਰਮਕਾਂਡਾਂ ਤੇ ਦਿਖਾਵੇ ਦੇ ਆਡੰਬਰਾਂ ਵਿੱਚ ਅਟੁੱਟ ਵਿਸ਼ਵਾਸ ਪੈਦਾ ਕਰ ਦਿੱਤਾ ਗਿਆ ਹੈ। ਗੁਰਮਤਿ/ਗੁਰਸਿੱਖੀ ਦਾ ਆਧਾਰ ਬਿਬੇਕ ਅਤੇ ਬਿਬੇਕ ਉੱਤੇ ਆਧਾਰਿਤ ਅਧਿਆਤਮ ਗਿਆਨ ਹੈ। ਪਰੰਤੂ ਅੱਜ ਦਾ ਅੰਧਵਿਸ਼ਵਾਸੀ ਸਿੱਖ ਬਿਬੇਕ ਅਤੇ ਗਿਆਨ ਦਾ ਕੱਟੜ ਦੁਸ਼ਮਨ ਬਣਾ ਦਿੱਤਾ ਗਿਆ ਹੈ। ਦੁਸ਼ਟ-ਮੰਡਲੀਆਂ (ਪ੍ਰਬੰਧਕ ਤੇ ਪੁਜਾਰੀ ਲਾਣਾ ਆਦਿ) ਵੱਲੋਂ, ਮਾਇਆ ਠੱਗਣ ਵਾਸਤੇ ਕੀਤੇ/ਕਰਵਾਏ ਜਾਂਦੇ ਦਿਖਾਵੇ ਦੇ ਆਡੰਬਰਾਂ ਅਤੇ ਧਰਮ-ਕਰਮਾਂ ਦੇ ਧੂਆਂਧਾਰ ਮਾਹੌਲ ਵਿੱਚ ਬਿਬੇਕ, ਤਰਕ ਤੇ ਗਿਆਨ ਕਿਤੇ ਦਿਖਾਈ ਹੀ ਨਹੀਂ ਦਿੰਦੇ।
ਗੁਰੂਦਵਾਰਿਆਂ ਵਿੱਚ ਜਥੇਦਾਰ, ਗ੍ਰੰਥੀ, ਰਾਗੀ, ਇੱਥੋਂ ਤਕ ਕਿ ਕਹਿੰਦੇ-ਕਹਾਉਂਦੇ ਵਿਚਾਰਕ ਤੇ ਪ੍ਰਚਾਰਕ ਵੀ ਗੁਰੂ (ਗ੍ਰੰਥ) ਦੀ ਹਜ਼ੂਰੀ ਵਿੱਚ ਗੁਰਬਾਣੀ-ਗਿਆਨ ਨੂੰ ਨਜ਼ਰਅੰਦਾਜ਼ ਕਰਕੇ ਮਨਮੱਤੀਆਂ ਦੁਆਰਾ ਲਿਖੇ ਗਏ ਕੂੜ ਗ੍ਰੰਥਾਂ ਅਤੇ ਉਨ੍ਹਾਂ ਵਿੱਚਲੀ ਮਨਮਤਿ ਦਾ ਸਮਰਥਨ ਤੇ ਪ੍ਰਚਾਰ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਇਨ੍ਹਾਂ ਕਪਟੀਆਂ ਨੂੰ ਅਨੈਤਿਕ ਸਮਰਥਨ ਤੇ ਹਲਾਸ਼ੇਰੀ ਦੇਣ ਵਾਲੇ ਸਿੱਖਾਂ ਦੇ ਸਵਾਰਥੀ ਅਕਾਲੀ ਲੀਡਰ ਤੇ ਪ੍ਰਬੰਧਕਾਂ ਹੀ ਹਨ! ਮੰਦਰਾਂ ਵਿੱਚ ਨਿਰਜਿੰਦ ਸਥੂਲ ਮੂਰਤੀਆਂ ਦੀ ਹੁੰਦੀ ਪੂਜਾ-ਅਰਚਨਾ ਦੀ ਤਰਜ਼ `ਤੇ ਗੁਰੂਦਵਾਰਿਆਂ ਵਿੱਚ ਗਿਆਨ-ਗੁਰੂ (ਗੁਰੂ ਗ੍ਰੰਥ) ਨੂੰ ਮੂਰਤੀ ਮੰਨ ਕੇ ਉਸ ਦੀ ਕਰਮਕਾਂਡੀ ਪੂਜਾ ਕੀਤੀ/ਕਰਵਾਈ ਜਾ ਰਹੀ ਹੈ। ……
ਉਕਤ ਕਾਰਣਾਂ ਕਰਕੇ ਅੱਜ ਦੇ ਗੁਰੂਦਵਾਰਿਆਂ ਵਿੱਚ, ਗੁਰੂਆਂ ਦੁਆਰਾ ਸਥਾਪਿਤ "ਚਟਸਾਲ਼" ਤੇ "ਧਰਮਸਾਲ" ਵਾਲੀ "ਭਗਵਤ ਭੀਰ" (ਸੱਚੀ ਸੰਗਤ) ਦੀ ਬਜਾਏ, ਸਿਰਫ਼ ਅਗਿਆਨੀ ਅੰਧਵਿਸ਼ਵਾਸੀਆਂ ਦੀ ਭੀੜ ਹੀ ਦਿਖਾਈ ਦਿੰਦੀ ਹੈ!
ਗੁਰੂਦਵਾਰਿਆਂ ਵਿੱਚ ਸੰਗਤ ਸਾਹਮਨੇ ਗੁਰਬਾਣੀ ਦੀ ਸੱਚੀ ਗੱਲ ਕਰਨ `ਤੇ ਮਾਇਆਦਾਸ ਧੂਤੇ ਪ੍ਰਬੰਧਕਾਂ ਵੱਲੋਂ ਸਖ਼ਤ ਮਨਾਹੀ ਹੈ। ਜੇ ਕੁੱਝ ਸੁਹਿਰਦ ਸੇਵਕ ਨਾਮ-ਚਰਚਾ ਕਰਨ ਵਾਸਤੇ ਕਿਰਾਏ ਦੇ ਸਥਾਨ `ਤੇ ਗੁਰਮਤਿ-ਗਿਆਨ ਦੀ ਗੱਲ ਕਰਨ ਦਾ ਉਪਰਾਲਾ ਕਰਦੇ ਹਨ ਤਾਂ ਉਥੇ ਵੀ ਚੰਡਾਲ-ਚਉਕੜੀਆਂ ਖਲਲ ਪਾਉਣ ਪਹੁੰਚ ਜਾਂਦੀਆਂ ਹਨ! ਇਸ ਦੁਖਦਾਈ ਸੱਚ ਦੀਆਂ ਖ਼ਬਰਾਂ ਹਰ ਰੋਜ਼ ਪੜ੍ਹਣ ਨੂੰ ਮਿਲਦੀਆਂ ਹਨ।
ਉਪਰੋਕਤ ਕਾਰਿਆਂ ਦਾ ਕਾਰਣ ਇਹ ਹੈ ਕਿ ਲ਼ਗ ਪਗ ਹਰ ਗੁਰੂਦਵਾਦੇ ਉੱਤੇ ਮਾਇਆਧਾਰੀ ਦੁਸ਼ਟ-ਮੰਡਲੀਆਂ ਦਾ ਕਬਜ਼ਾ ਹੈ। ਗੁਰੂਆਂ ਦੁਆਰਾ ਦੁਰਕਾਰੇ ਗਏ ਮਾਇਆਧਾਰੀ ਅੰਨ੍ਹੇ-ਬੋਲੇ ਮਲਿਕ ਭਾਗੋਆਂ ਦੀਆਂ ਇਨ੍ਹਾਂ ਮੰਡਲੀਆਂ ਨੇ ਗੁਰੂਦਵਾਰਿਆਂ ਵਿੱਚ ਆਪਣੀ ਪੈਂਠ ਤੇ ਗੋਲਕਾਂ ਉੱਤੇ ਕਬਜ਼ਾ ਜਮਾਈ ਰੱਖਣ ਵਾਸਤੇ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਹੈ। ਦਹਿਸ਼ਤ ਵਾਲੇ ਡਰਾਉਣੇ ਮਾਹੌਲ ਕਾਰਣ ਸੰਗਤਾਂ ਭੇਡਾਂ ਬਣ ਕੇ ਰਹਿ ਗਈਆਂ ਹਨ!
ਗਿਣੇ-ਚੁਣੇ ਰਹਿ ਗਏ ਸੱਚੇ ਸੁਹਿਰਦ ਗੁਰਸਿੱਖਾਂ ਤੇ ਵਿਚਾਰਕਾਂ ਦੀਆਂ ਪੱਗਾਂ ਉਛਾਲੀਆਂ ਜਾਂਦੀਆਂ ਹਨ, ਸਿਰ ਪਾੜੇ ਜਾਂਦੇ ਹਨ, ਗੁਰਮੁਖੀ ਕਹੇ ਜਾਂਦੇ ਦਾੜ੍ਹੇ ਪੁੱਟੇ ਜਾਂਦੇ ਹਨ, ਗਾਲ੍ਹਾਂ ਬਕੀਆਂ ਜਾਂਦੀਆਂ ਹਨ, ਇੱਥੋਂ ਤਕ ਕਿ ਗੁਰੂ (ਗ੍ਰੰਥ) ਦੇ ਸਾਹਮਣੇ ਨਿਸ਼ਠੁਰਤਾ ਨਾਲ ਕਤਲ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ ਜਾਂਦਾ।
ਲਗ ਪਗ ਹਰ ਗੁਰੂਦਵਾਰੇ ਵਿੱਚ ਹਰਿਨਾਮ-ਚਰਚਾ ਤੇ ਹਰਿ-ਦਰਸਨਾਂ ਦੀ ਬਜਾਏ ਮਾਈ ਮਾਇਆ ਤੇ ਇਸ ਦੀ ਪਲੇਠੀ ਧੀ ਹਉਮੈ ਦਾ ਤਾਂਡਵ ਨਾਚ ਦੇਖਣ ਨੂੰ ਮਿਲਦਾ ਹੈ। ਅਜਿਹੇ ਡਰਾਉਣੇ ਤੇ ਅਣਸੁਖਾਵੇਂ ਮਾਹੌਲ ਕਾਰਣ, ਆਤਮਾ ਦੀ ਸ਼ਾਂਤੀ ਲਈ ਗੁਰੂਦਵਾਰੇ ਗਏ ਸ਼੍ਰੱਧਾਲੂ, ਮਨ ਦਾ ਸਕੂਨ ਗਵਾ ਕੇ ਜਾਂਦੇ ਹਨ!
ਪ੍ਰਸਿੱਧ ਕਹਾਵਤ: ਜੈਸੀ ਸੰਗਤ, ਤੈਸੀ ਰੰਗਤ, ਅੱਜ ਦੇ ਸਿੱਖਾਂ ਉੱਤੇ ਪੂਰੀ ਤਰ੍ਹਾਂ ਢੁਕਦੀ ਹੈ। ਸਿੱਖਾਂ-ਸੇਵਕਾਂ ਦੇ ਕਿਰਦਾਰ ਵਿੱਚੋਂ ਸਦਗੁਣਾਂ ਦੇ ਲੋਪ ਹੋਣ ਤੇ ਵਿਕਾਰੀ ਲੱਛਣਾਂ ਦੇ ਉਜਾਗਰ ਹੋਣ ਦਾ ਕਾਰਣ ਨਾਮ-ਵਿਹੂਣੀ ਸੰਗਤ ਦੀ ਰੰਗਤ ਹੀ ਹੈ। ਕਬੀਰ ਜੀ ਦਾ ਅਨਮੋਲ ਕਥਨ ਹੈ:
ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹਿ ਦਿਸ ਜਾਇ॥
ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ॥ ਸਲੋਕ ਕਬੀਰ ਜੀ
ਗੁਰਇੰਦਰ ਸਿੰਘ ਪਾਲ
ਮਾਰਚ 26, 2017.