ਕਾਫ਼ੀਆਂ ਖ਼ਵਾਜਾ ਗ਼ੁਲਾਮ ਫ਼ਰੀਦ
1. ਆ ਚੁਣੋਂ ਰਲ ਯਾਰ
ਆ ਚੁਣੋਂ ਰਲ ਯਾਰ ।ਪੀਲੂੰ ਪੱਕੀਆਂ ਨੀ ਵੇ ।
ਕਈ ਬਗੜੀਆਂ, ਕਈ ਸਾਵੀਆਂ ਪੀਲੀਆਂ ।ਕਈ ਭੂਰੀਆਂ ਕਈ ਫਿਕੜੀਆਂ ਨੀਲੀਆਂ ।
ਕਈ ਊਦੀਆਂ ਗੁਲਨਾਰ ।ਕਟੋਈਆ ਰੱਤੀਆਂ ਨੀ ਵੇ ।
ਬਾਰ ਥਈ ਹੈ ਰਸ਼ਕ ਇਰਮ ਦੀ ।ਸੁੱਕ ਸੜ ਗਈ ਜੜ੍ਹ ਡੁੱਖ ਤੇ ਗ਼ਮ ਦੀ ।
ਹਰ ਜਾ ਬਾਗ਼ ਬਹਾਰ ।ਸਾਖਾਂ ਚੱਖੀਆਂ ਨੀ ਵੇ ।
ਪੀਲੂੰ ਡੇਲਿਆਂ ਦੀਆਂ ਗੁਲਜ਼ਾਰਾ ।ਕਹੀਂ ਗੁਲ ਟੋਰੀਆਂ ਕਹੀ ਸਰ ਖਾਰੀਆਂ ।
ਕਈ ਲਾ ਬੈਠੀਆਂ ਬਾਰ ।ਭਰ ਭਰ ਪੱਛੀਆਂ ਨੀ ਵੇ ।
ਜਾਲ ਜਲੋਟੀਂ ਥਈ ਆਬਾਦੀ ।ਪਲ ਪਲ ਖ਼ੁਸ਼ੀਆਂ ਦਮ ਦਮ ਸ਼ਾਦੀ ।
ਲੋਕੀ ਸਹੰਸ ਹਜ਼ਾਰ ।ਕੁਲ ਨੇ ਪੱਖੀਆਂ ਨੀ ਵੇ ।
ਹੂਰਾਂ ਪਰੀਆਂ ਟੋਲੇ ਟੋਲੇ ।ਹੁਸਨ ਦੀਆਂ ਹੀਲਾਂ ਬਿਰਹੋਂ ਦੇ ਝੋਲੇ ।
ਰਾਤੀਂ ਠੰਡੀਆਂ ਠਾਰ ।ਗੋਇਲੀਂ ਤੱਤੀਆਂ ਨੀ ਵੇ ।
ਰਖਦੇ ਨਾਜ਼ ਹੁਸਨ ਪਰਵਰ ਵੇ ।ਅਥਰੂ ਤੇਗ਼ ਤੇ ਤੀਰ ਨਜ਼ਰ ਦੇ ।
ਤੇਜ਼ ਤਿੱਖੇ ਹਥਿਆਰ ।ਦਿਲੀਆਂ ਫਟੀਆਂ ਨੀ ਵੇ ।
ਕਈ ਡੇਵਨ ਅੱਨ ਨਾਲ ਬਰਾਬਰ ।ਕਈ ਘਿਨ ਆਵਨ ਡੇਢੇ ਕਰ ਕਰ ।
ਕਈ ਵੇਚਨ ਬਾਜ਼ਾਰ ।ਤੁਲੀਆਂ ਤੱਕੀਆਂ ਨੀ ਵੇ ।
ਕਈ ਧੁੱਪ ਵਿੱਚ ਵੀ ਚੁਣਦੀਆਂ ਰਹਿੰਦੀਆਂ ।ਕਈ ਘਿਨ ਛਾਨ ਛੰਵੇਰੇ ਬਹਿੰਦੀਆਂ ।
ਕਈ ਚੁਣ ਚੁਣ ਪਈਆਂ ਹਾਰ ।ਹੁੱਟੀਆਂ ਥਕੀਆਂ ਨੀ ਵੇ ।
ਏਡੋਂ ਇਸ਼ਵੇ ਗਮਜ਼ੇ ਨਖ਼ਰੇ ।ਓਡੂੰ ਯਾਰ ਖਰਾਇਤੀ ਬਕਰੇ ।
ਕੁੱਸਣ ਕਾਣ ਤਿਆਰ ।ਰਾਂਦਾਂ ਰੱਸੀਆਂ ਨੀ ਵੇ ।
ਪੀਲੂੰ ਚੁਣਦੀਂ ਬੋਛਣ ਲੀਰਾਂ ।ਚੋਲਾ ਵੀ ਥੀਆ ਲੀਰ ਕਤੀਰਾਂ ।
ਗਿਲੜੇ ਕਰਨ ਪਚਾਂਰ ।ਸੰਗੀਆਂ ਸਕੀਆਂ ਨੀ ਵੇ ।
ਆਈਆਂ ਪੀਲੂੰ ਚੁਣਨ ਦੇ ਸਾਂਗੇ ।ਓੜਕ ਥਈਆਂ ਫਰੀਦਣ ਵਾਂਗੇ ।
ਛੋੜ ਆਰਾਮ ਕਰਾਰ ।ਹਕੀਆਂ ਬਕੀਆਂ ਨੀ ਵੇ ।
0 comments:
Post a Comment
Note: only a member of this blog may post a comment.